ਲੇਖ

ਇੱਕ ਲੇਖਕ ਦੀ ਉਦਾਸ ਚਿੱਠੀ
ਨਿੰਦਰ ਘੁਗਿਆਣਵੀ
ਮਾਂ ਬੋਲੀ ਪੰਜਾਬੀ ਵਿੱਚ ਲਿਖਣ ਵਾਲੇ ਇੱਕ ਲੇਖਕ ਵੱਲੋਂ ਪੀਲੇ ਕਾਗਜ਼ਾਂ ਉੱਤੇ ਕਾਲੇ ਅੱਖਰਾਂ ਤੇ ਵਿਲਕਦੇ ਸ਼ਬਦਾਂ ਵਿੱਚ ਲਿਪਟੀ ਚਿੱਠੀ ਪੜ੍ਹ ਕੇ ਦਿਲ ਊਦਾਸ ਹੋਇਆ ਹੈ। ਇਹ ਚਿੱਠੀ ਰਾਮਪੁਰਾ ਫੂਲ ਤੋਂ ਪੰਜਾਬੀ ਲੇਖਕ ਦਰਸ਼ਨ ਸਿੰਘ 'ਪ੍ਰੀਤੀਮਾਨ' ਨੇ ਲਿਖੀ ਹੈ। ਦਿਲ ਪਸੀਜ ਗਿਆ ਹੈ, ਜਦ ਪੜ੍ਹਿਆ ਕਿ ਇਹ ਚਿੱਠੀ ਉਸਨੇ ਆਪਣੇ ਜਾਨੋ ਵੱਧ ਪਿਆਰੇ ਤੇ ਨਿੱਕੇ ਜਿਹੇ, ਇਕਲੌਤੇ ਅੱਠ ਸਾਲਾ ਪੁੱਤਰ ਚੀਨੂੰ ਦੀ ਕਸਮ ਖਾ ਕੇ ਲਿਖੀ ਹੈ। ਪ੍ਰੀਤੀਮਾਨ ਦੇ ਲਿਖੇ ਗੀਤ ਕੁਲਦੀਪ ਮਾਣਕ ਸਮੇਤ ਲੱਗਭਗ ਇੱਕ ਦਰਜਨ ਕਲਾਕਾਰ ਗਾ ਚੁੱਕੇ ਹਨ। ਪ੍ਰੀਤੀਮਾਨ ਨੇ ਹੁਣ ਤੀਕ ਕਹਾਣੀਆਂ ਦੀਆਂ ਕਿਤਾਬਾਂ ਲਿਖੀਆਂ, ਨਾਵਲ ਵੀ ਲਿਖੇ, ਕੁਝ ਕਿਤਾਬਾਂ ਦੇ ਨਾਂ ਇਹ ਹਨ, ''ਫਸਟ ਅਪ੍ਰੈਲ", ''ਇਹ ਅੱਗ ਕਦੋਂ ਬੁਝੇਗੀ", ''ਝਬੂਲੀਆਂ ਵਾਲੇ ਕਾਂਟੇ", ''ਸਾਕਾ ਗੁਰਦੁਵਾਰਾ ਸਹਿਬ ਦੀ ਲਹਿਰ", ''ਹੱਕ ਮੰਗਦਿਆਂ ਨੂੰ ਗੋਲੀ" (ਗੀਤ ਸੰਗ੍ਰਹਿ), ''ਜਾਗੋ ਭੈਣੋ-ਜਾਗੋ ਵੀਰੋ"। ਹੁਣ ਤੀਕ ਉਹ 45 ਗੁਰੂਆਂ, ਪੀਰਾਂ, ਸਾਹਿਤਕਾਰਾਂ, ਵਿਗਿਆਨੀਆਂ ਤੇ ਸੂਰਮਿਆਂ ਦੇ ਕਾਵਿ-ਰੇਖਾ ਚਿਤਰ ਲਿਖ ਚੁੱਕਾ ਹੈ। ਇੱਕ ਹਜ਼ਾਰ ਦੇ ਲਗਭਗ ਉਸਦੇ ਲੇਖ ਤੇ ਕਹਾਣੀਆਂ ਪੇਪਰਾਂ ਵਿੱਚ ਛਪ ਚੁੱਕੇ ਹਨ। ਕਈ ਖਰੜੇ ਛਪਣ ਖੁਣੋਂ ਪਏ ਹੋਏ ਹਨ। ਪ੍ਰੀਤੀਮਾਨ ਇਕੱਲਾ ਕਲਮਕਾਰ ਹੀ ਨਹੀਂ, ਸਗੋਂ ਉਹ ਇੱਕ ਸਮਾਜ ਸੇਵਕ ਵੀ ਹੈ। ਉਸਨੇ ਦੋ ਬੰਦੇ ਸੜਕ ਹਾਦਸੇ ਵਿੱਚੋਂ ਬਚਾਏ। ਇੱਕ ਹੋਟਲ ਨੂੰ ਲੱਗੀ ਅੱਗ ਬੁਝਾਈ ਤੇ ਅਣਗਿਣਤ ਜਾਨਾਂ ਬਚਾਈਆਂ। ਇੱਕ ਲੱਖ ਰੁਪਏ ਦੇ
ਗਰੀਬਾਂ ਦੇ ਸੂਰ ਮਰਨੋਂ ਬਚਾਏ। ਸਮਾਜ ਸੇਵਾ ਦਾਨ, ਵਿੱਦਿਆ ਦਾਨ, ਸਾਹਿਤ ਦਾਨ, ਖੂਨਦਾਨ ਦੇਣ ਤੋਂ ਇਲਾਵਾ ਨੇਤਰਦਾਨ ਕਰਨ ਤੇ ਮਰਨ ਉਪਰੰਤ ਆਪਣਾ ਸਰੀਰ ਦਾਨ ਵੀ ਉਹ ਲਿਖ ਕੇ ਦੇ ਚੁੱਕਾ ਹੋਇਆ ਹੈ। ਦੋ ਵਾਰ ਨੈਸ਼ਨਲ ਤੀਕ ਕਬੱਡੀ ਵੀ ਖੇਡਿਆ ਸੀ। ਪਰ ਜ਼ਿੰਦਗੀ ਦੇ ਧੱਕੇ ਤੇ ਭੁੱਖ-ਦੁੱਖ ਤੇ ਗਰੀਬੀ ਉਸਨੂੰ ਔਝੜ ਰਾਹਾਂ 'ਤੇ ਲੈ ਗਈ।
ਪ੍ਰੀਤੀਮਾਨ ਦੀ ਚਿੱਠੀ ਪੜ੍ਹ ਕੇ ਦਿਲ ਉਦਾਸ ਇਸ ਲਈ ਹੋਇਆ ਹੈ ਕਿ ਕੀ ਕਲਮਾਂ ਦੇ ਵਣਜਾਰੇ ਸਾਰੀ ਉਮਰ ਇੰਝ ਹੀ ਭੁੱਖ-ਦੁੱਖ ਤੇ ਗਰੀਬੀ ਨਾਲ ਜੂਝਦੇ ਮਰੀ ਜਾਣਗੇ? ਕੀ ਕਦੇ ਉਹ ਆਪਣੇ ਪਰਿਵਾਰ ਦੀ ਕੋਈ ਇੱਛਾ ਦੀ ਪੂਰਤੀ ਕਰ ਸਕਣਗੇ? ਕੀ ਕਦੇ ਸਾਡੀ ਸਰਕਾਰ ਜਾ ਸਮਾਜ ਇਹਨਾਂ ਬਾਰੇ ਗੰਭੀਰ ਹੋਕੇ ਸੋਚੇਗਾ, ਜਿਨਾ੍ਹਂ ਬਾਰੇ ਬਾਬੇ ਨਾਨਕ ਨੇ ਕਿਹਾ ਸੀ, ''ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ।" ਕਦੇ ਕਿਸੇ ਸਰਕਾਰ ਨੇ ਉਸ ਦੇ ਹੱਥ 'ਤੇ ਆਪਣੇ ਸਿਰ ਦੀ ਜੂੰ ਵੀ ਨਹੀਂ ਧਰੀ। ਉਹ ਜਦ ਕਿਸੇ ਨੂੰ ਕਹਿੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਖਜ਼ਾਨਾ ਖਾਲੀ ਹੈ ਪਰ ਉਹ ਕੂਕ ਕੇ ਕਹਿੰਦਾ ਹੈ ਕਿ ਲਿਖਾਰੀ ਵਾਸਤੇ ਖ਼ਜ਼ਾਨਾ ਖਾਲੀ ਹੈ ਤੇ ਖਿਡਾਰੀ ਵਾਸਤੇ ਕਿਥੋਂ ਭਰ ਜਾਂਦਾ ਹੈ? ਪਰ ਉਸ ਦਾ ਹਉਕਾ ਤੇ ਕੂਕ ਸਿਆਸਤਦਾਨਾਂ ਦੀਆਂ ਤੇ ਅਫ਼ਸਰਾਂ ਦੀਆਂ ਗੱਡੀਆਂ ਦੇ ਹੂ-ਹੂ ਕਰਦੇ ਹੂਟਰਾਂ ਵਿੱਚ ਗੁਆਚ ਕੇ ਰਹਿ ਜਾਂਦੀ ਹੈ।
ਪ੍ਰੀਤੀਮਾਨ ਰਾਮਪੁਰੇ ਫੂਲ ਅੱਡੇ ਵਿੱਚ ਰਾਤ ਨੂੰ ਪਹਿਰੇਦਾਰੀ ਕਰਦਾ ਸੀ। ਮਹੀਨੇ ਦਾ ਸਾਰਾ ਤਿੰਨ ਹਜ਼ਾਰ ਰੁਪੱਈਆ ਮਿਲਦਾ ਸੀ, ਜੋ ਉਹ ਹੱਟੀ-ਹੱਟੀ ਜਾ ਕੇ ਉਗਰਾਹੁੰਦਾ ਸੀ। ਦੁਕਾਨਦਾਰਾਂ ਦੀ ਆਪਸੀ ਫੁੱਟ ਕਾਰਨ ਉਹਨੂੰ ਇਹ ਕੰਮ ਵੀ ਛੱਡਣਾ ਪੈ ਗਿਆ ਹੈ। ਕੋਈ ਜ਼ਮੀਨ ਨਹੀਂ ਹੈ। ਆਮਦਨ ਨਹੀਂ ਹੈ। ਉਸਦਾ ਬੱਚਾ ਪੜ੍ਹਨ ਵਿੱਚ ਏਨਾ ਹੁਸ਼ਿਆਰ ਹੈ ਕਿ ਊਹ ਇਸ ਵਾਰ 97% ਨੰਬਰ ਲੈ ਗਿਆ ਹੈ ਪਰ ਮਹਿੰਗੇ ਸਕੂਲ ਵਿੱਚ ਉਹ ਬੱਚੇ ਨੂੰ ਕਿਵੇਂ ਪੜ੍ਹਾਵੇ? ਦੋ ਵੇਲੇ ਦੀ ਰੋਟੀ ਦੀ ਚਿੰਤਾ। ਉਸਨੇ ਮੈਨੂੰ ਚਿੱਠੀ ਵਿੱਚ ਇੰਝ ਲਿਖਿਆ ਹੈ, ''ਚਾਰ ਵਿਸਵੇ ਦੇ ਘਰ ਵਿੱਚ ਨਾ ਅਜੇ ਖਿੜਕੀਆਂ ਹਨ, ਨਾ ਬਾਰ ਤੇ ਨਾ ਬਾਰੀਆਂ ਲਵਾ ਸਕਿਆ ਹਾਂ। ਨਾ ਪੱਕੀ ਬਿਜਲੀ ਫਿੱਟ ਕਰਵਾ ਸਕਿਆ ਹਾਂ। ਨਾ ਟੂਟੀ ਹੈ, ਨਾ ਰੇਡੀਓ (ਟੈਲੀਵੀਯਨ ਬਾਰੇ ਤਾਂ ਸੋਚਿਆ ਹੀ ਕਦੇ ਨਹੀਂ) ਨਾ ਮੇਜ਼ ਹੈ, ਨਾ ਕੁਰਸੀ ਹੈ, ਘਰ ਪੱਕਾ ਹੈ ਤੇ ਵਿਹੜਾ ਕੱਚਾ ਹੈ। ਦੋ ਕਮਰੇ ਹਨ। ਇੱਕ ਕਮਰਾ ਇੱਕ ਲੱਖ 'ਚ ਗਹਿਣੇ ਕੀਤਾ ਹੋਇਆ ਹੈ। ਸਵਾ ਲੱਖ ਦਾ ਕਰਜ਼ਾ ਸਿਰ ਹੈ। ਕਦੋ ਬੱਚਾ ਵੱਡਾ ਹੋਵੇਗਾ, ਤੇ ਕਦੋਂ ਉਹ ਰੋਟੀ ਸਿਰੇ ਹੋਵੇਗਾ? ਉਸਨੂੰ ਇਹੋ ਫ਼ਿਕਰ ਹੈ। ਉਸ ਮੁਤਾਬਕ ਕਿ ਜੇਕਰ ਇਹੋ ਹਾਲ ਰਿਹਾ ਤਾਂ ਉਸਦਾ ਘਰ ਵੀ ਵਿਕ ਜਾਵੇਗਾ...।
ਪ੍ਰੀਤੀਮਾਨ ਦਾ ਹੌਸਲਾ ਢਹਿ ਰਿਹਾ ਹੈ। ਪਰ ਉਸਨੇ ਮਾਂ ਬੋਲੀ ਦੀ ਸੇਵਾ ਕਰਨੀ ਨਹੀਂ ਛੱਡੀ, ਉਹ ਲਿਖ ਰਿਹਾ ਹੈ। ਉਸਦਾ ਚੰਗੀਆਂ ਕਿਤਾਬਾਂ ਪੜ੍ਹਨ ਨੂੰ ਦਿਲ ਕਰਦਾ ਹੈ ਪਰ ਮਹਿੰਗੀ ਤੇ ਚੰਗੀ ਕਿਤਾਬ ਖ਼ਰੀਦਣ ਲਈ ਪੈਸੇ ਨਹੀਂ। ਸੌ-ਸੌ ਫ਼ਿਕਰ ਹਨ ਸਿਰ 'ਤੇ।
ਪ੍ਰੀਤੀਮਾਨ ਦੀ ਚਿੱਠੀ ਨੇ ਮੈਨੂੰ ਡਾਹਢਾ ਉਦਾਸ ਕੀਤਾ ਹੈ ਤੇ ਇਸ ਵਾਰ ਦੇ ਕਾਲਮ ਵਿੱਚ ਲਿਖਣ ਲਈ ਮਜਬੂਰ ਹੋ ਗਿਆ ਹਾਂ। ਹੋ ਸਕਦੈ ਕਿਸੇ ਪੰਜਾਬੀ ਪਿਆਰੇ ਦੇ ਦਿਲ ਵਿਚ ਮਿਹਰ ਪੈ ਜਾਵੇ, ਅਸੀਂ ਹੋਰ ਬਹੁਤ ਪਾਸੇ ਵੀ ਦਾਨ ਕਰਦੇ ਹਾਂ, ਪਰ ਕੁਦਰਤ ਦੇ ਵਰੋਸਾਏ ਇੱਕ ਲਿਖਾਰੀ ਦੀ ਮਦਦ ਕਰਨਾ ਵੀ ਇੱਕ ਸੱਚੀ ਸੇਵਾ ਤੇ ਪੁੰਨ ਵਾਲਾ ਕਾਰਜ ਹੈ। ਇਹ ਇੱਕ ਲੇਖਕ ਦੀ ਮਾਂ ਬੋਲੀ ਪੰਜਾਬੀ ਦੇ ਪਾਠਕ ਤਰਫੋਂ ਸੱਚੇ ਦਿਲੋ ਹੌਸਲਾ ਅਫਜ਼ਾਈ ਹੀ ਹੋਵੇਗੀ। ਜੇਕਰ ਉਸਦੀ ਜ਼ਿੰਦਗੀ ਦੀ ਤੋਰ ਰਵਾਂ ਹੋ ਜਾਵੇ ਤਾਂ ਉਹ ਹੋਰ ਵੀ ਕੁਝ ਚੰਗਾ ਲਿਖ ਸਕੇ। ਪਾਠਕਾਂ ਵਾਸਤੇ ਪ੍ਰੀਤੀਮਾਨ ਨਾਲ ਸੰਪਰਕ ਕਰਨ ਲਈ ਉਸਦਾ ਫ਼ੋਨ ਨੰਬਰ ਦਿੱਤਾ ਗਿਆ ਹੈ : 97792-97682
ਨਿੰਦਰ ਘੁਗਿਆਣਵੀ 9417421700 
*******************************************************
ਲੰਡਨ ਧੁੱਖ ਰਿਹਾ ਹੈ !
ਸ਼ਿਵਚਰਨ ਜੱਗੀ ਕੁੱਸਾ
ਅੱਜ ਮੇਰੇ ਜਿ਼ਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, “ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!” ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਡਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਡਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ ‘ਸ਼ਾਂਤੀ’ ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਸਨ, ਅੱਜ ਉਹੀ ਲੰਡਨ ਕਈ ਦਿਨਾਂ ਤੋਂ ਬਲ਼ ਅਤੇ ਧੁਖ਼ ਰਿਹਾ ਹੈ। ਲਾਟਾਂ ਨਿਕਲ਼ ਰਹੀਆਂ ਹਨ ਅਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਹੈ। ਪਿਛਲੇ ਵੀਰਵਾਰ ਨੂੰ ਸੈਂਟਰਲ ਲੰਡਨ ਦੇ ਇਲਾਕੇ ਟੋਟਨਹੈਮ ਵਿਚ ਕਥਿਤ ਤੌਰ ‘ਤੇ ਪੁਲੀਸ ਹੱਥੋਂ ਇੱਕ 29 ਸਾਲਾ ਵਿਅਕਤੀ ਮਾਰਕ ਡੱਗਨ ਮਾਰਿਆ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫਿ਼ਰ ਗੁੱਸਾ ਫ਼ੈਲ ਗਿਆ। ਟੋਟਨਹੈਮ ਵਿਚ ਇਸ ਫ਼ੈਲੇ ਰੋਸ ਦੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫਿ਼ਰ ਗੱਲ ਨਸ਼ਈ, ਵਿਗੜੇ, ਕਮਚੋਰ ਅਤੇ ਅਪਰਾਧਿਕ-ਬਿਰਤੀ ਵਾਲ਼ੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਡਨ ਵਿਚ ਤੜਥੱਲ ਮੱਚ ਗਿਆ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਫਿ਼ਰ ਪੁਲੀਸ ਦੀਆਂ ਗੱਡੀਆਂ ਦੀ ਸਾੜ-ਫ਼ੂਕ ਕੀਤੀ। ਲੰਡਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫ਼ੋਨ ਕਰ ਰਹੇ ਸਨ ਅਤੇ ਪੁਲੀਸ ਉਹਨਾਂ ਨੂੰ ਤੋੜ ਕੇ ਜਵਾਬ ਦੇ ਰਹੀ ਸੀ, “ਅਫ਼ਸੋਸ, ਅਸੀਂ ਨਹੀਂ ਆ ਸਕਦੇ!” ਮੇਰੀ ਨਜ਼ਰ ਵਿਚ ਅਜਿਹੇ ਹਾਲਾਤ ਭਿਆਨਕ ‘ਸਿਵਲ ਵਾਰ’ ਨੂੰ ਜਨਮ ਦੇ ਸਕਦੇ ਹਨ। ਜੇ ਪੁਲੀਸ ਤੁਹਾਡੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ? ਮਰਦਾ ਕੀ ਨਹੀਂ ਕਰਦਾ?? ਇਹਨਾਂ ਦੰਗਿਆਂ-ਡਾਕਿਆਂ ਅਤੇ ਸਾੜ-ਫ਼ੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਹੈ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਬਲੈਕਬਰੀ ਫ਼ੋਨਾਂ ‘ਤੇ ‘ਟੈਕਸਟ’ ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਹੈ ਕਿ ਅਗਲੀ ਲੁੱਟ ਦਾ ਨਿਸ਼ਾਨਾ ਕਿਹੜਾ ਹੈ। ਸਾਊਥਾਲ ਅਤੇ ਹੋਰ ਗੁਰੂ ਘਰਾ ਅੱਗੇ ਸਾਡੇ ਲੋਕ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਗੁਰਦੁਆਰਾ ਸਾਹਿਬ ਦਾ ਨੁਕਸਾਨ ਨਾ ਕਰ ਜਾਵੇ! ਇੰਨਫ਼ੀਲਡ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਹੈ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਹਨਾਂ ਨੇ ਖ਼ੁਦ ਕਮਰਕਸੇ ਕਰ ਲਏ ਹਨ!


ਬਿਨਾ ਸ਼ੱਕ ਇਹ ਦੰਗੇ ਮਾਰਕ ਡੱਗਨ ਦੀ ਮੌਤ ਕਾਰਨ ਭੜ੍ਹਕੇ ਅਤੇ ਚਾਹੇ ਪਿੱਛੋਂ ਕਮਚੋਰ ਅਤੇ ਨਸ਼ਈ ਤਬਕੇ ਨੇ ਮੌਕਾ ਨਾ ਖੁੰਝਾਇਆ ਅਤੇ ਬੇਕਸੂਰ ਦੁਕਾਨਦਾਰਾਂ ਨੂੰ ਲੁੱਟ ਕੇ ਆਪਣੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਪਰ ਜੋ ਭੂਮਿਕਾ ਪੁਲੀਸ ਦੀ ਰਹੀ, ਉਹ ਅੱਤ ਨਿੰਦਣਯੋਗ ਹੈ! ਟੀ.ਵੀ. ਦੇ ਹਰ ਚੈਨਲ ‘ਤੇ ਲੋਕ ਪੁਲੀਸ ਅਤੇ ਪ੍ਰਸ਼ਾਸਨ ਦੇ ਵਿਰੋਧ ਵਿਚ ਪਿੱਟ-ਸਿਆਪਾ ਕਰ ਰਹੇ ਹਨ ਕਿ ਪੁਲੀਸ ਨੇ ਆਮ ਜਨਤਾ ਦੀ ਕੋਈ ਮੱਦਦ ਨਹੀਂ ਕੀਤੀ ਅਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਸ਼ਨੀਵਾਰ ਨੂੰ ਸ਼ੁਰੂ ਹੋਏ ਇਹ ਦੰਗੇ ਅਤੇ ਡਾਕੇ ਚਾਰ ਦਿਨ ਲਗਾਤਾਰ ਸ਼ਰੇਆਮ ਚੱਲਦੇ ਰਹੇ। ਜਦ ਪ੍ਰਸ਼ਾਸਨ ਦਾ ਗ਼ੈਰ-ਜਿ਼ੰਮੇਵਾਰ ਬਿਆਨ ਆਇਆ ਕਿ ਅਜਿਹੇ ਦੰਗਿਆਂ ਲਈ ਸਾਡੀ ਪੁਲੀਸ ਫ਼ੋਰਸ ਅਗਾਊਂ ਤਿਆਰ ਨਹੀਂ ਸੀ, ਤਾਂ ਲੋਕਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ ਅਤੇ ਸੋਚਣ ਲਈ ਮਜਬੂਰ ਹੋ ਗਏ ਕਿ ਪੁਲੀਸ ਵਾਕਿਆ ਹੀ ਅਗਾਊਂ ਤਿਆਰ ਨਹੀਂ ਸੀ ਜਾਂ ਇਤਨੀ ਆਵੇਸਲ਼ੀ ਅਤੇ ਲਾਪ੍ਰਵਾਹ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿ਼ਆ? ਜੇ ਪੁਲੀਸ ਚਾਹੇ ਤਾਂ ਕੀ ਨਹੀਂ ਕਰ ਸਕਦੀ? ਸਮਾਂ ਹਰ ਗੱਲ ਨੂੰ ਲੱਗ ਜਾਂਦਾ ਹੈ। ਪਰ 72 ਘੰਟੇ ਦੰਗਾਕਾਰੀ ਨੰਗਾ ਨਾਚ ਕਰਦੇ ਰਹਿਣ ਅਤੇ ਪੁਲੀਸ 72 ਘੰਟੇ ਦੇ ਅੰਦਰ ਵੀ ਕੋਈ ਹੱਲ ਨਾ ਕੱਢ ਸਕੇ? ਇਹ ਲਾਪ੍ਰਵਾਹੀ ਦੀ ਹੱਦ ਨਹੀਂ? ‘ਕੋਬਰਾ’ ਵਰਗੇ ਸੁਰੱਖਿਆ ਦਸਤੇ ਕਾਹਦੇ ਲਈ ਬਣਾਏ ਗਏ ਨੇ? ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ?

ਇੱਕ ਗੱਲ ਸਾਰੇ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨੂੰ ਪੁੱਛਣੀ ਬਣਦੀ ਹੈ ਕਿ ਜਦੋਂ ਮਰਹੂਮ ਲੇਡੀ ਡਿਆਨਾ ਦੇ ਲੜਕੇ ਵਿਲੀਅਮ ਦੀ ਸ਼ਾਦੀ ਹੋਈ ਤਾਂ ਪ੍ਰਸ਼ਾਸਨ ਨੇ ਪੁਲੀਸ ਫ਼ੋਰਸ ਇੰਗਲੈਂਡ ਭਰ ਦੇ ਕੋਨੇ-ਕੋਨੇ ਵਿਚੋਂ ਲਿਆ ਖੜ੍ਹੀ ਕੀਤੀ ਸੀ ਅਤੇ ਪੂਰੀ ਰਾਜਧਾਨੀ ਵਿਚ ਕਿਸੇ ਪੰਛੀ ਨੂੰ ਵੀ ‘ਪਰ’ ਨਹੀਂ ਮਾਰਨ ਦਿੱਤਾ ਸੀ। ਇੱਥੇ ਉਹਨਾਂ ਦਾ ਉੱਤਰ ਚਾਹੇ ਇਹ ਹੋਵੇ ਕਿ ‘ਰੋਇਲ ਵੈਡਿੰਗ’ ਬਾਰੇ ਤਾਂ ਸਾਨੂੰ ਪਹਿਲਾਂ ਪਤਾ ਸੀ ਅਤੇ ਅਸੀਂ ਸਮੇਂ ਸਿਰ ਪੁਖ਼ਤਾ ਪ੍ਰਬੰਧ ਕਰ ਲਏ ਸਨ। ਪਰ ਅਸਲ ਵਿਚ ਧਿਆਨ ਦੇਣ ਵਾਲ਼ੀ ਗੱਲ ਤਾਂ ਇਹ ਹੈ ਕਿ ਕੀ ਇੰਗਲੈਂਡ ਦੇ ਪ੍ਰਸ਼ਾਸਨ ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਵੀ ਗੰਭੀਰ ਸਥਿਤੀ ਸੰਭਾਲਣ ਲਈ ਘੱਟ ਸਨ? ਕੀ ਉਹ ਇਤਨੇ ਘੋਗਲ਼ਕੰਨੇ ਸਨ ਕਿ 72 ਘੰਟੇ ਸਮੁੱਚੇ ਲੰਡਨ ਦੀ ਲੁੱਟ-ਮਾਰ ਹੁੰਦੀ ਰਹੀ, ਅੱਗਾਂ ਲੱਗਦੀਆਂ ਰਹੀਆਂ, ਜਨਤਾ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ਼ ਬਣਾਈ ਜਾਇਦਾਦ ਅਗਨ ਭੇਂਟ ਹੁੰਦੀ ਰਹੀ, ਪਰ ਫਿ਼ਰ ਵੀ ਇਤਨੇ ਸਮੇਂ ਵਿਚ ਪ੍ਰਸ਼ਾਸਨ ਨੂੰ ਕੋਈ ਸਾਰਥਿਕ ਹੱਲ ਤੱਕ ਨਹੀਂ ਲੱਭਿਆ? ਕਈ ਥਾਂਈਂ ਤਾਂ ਲੋਕਾਂ ਨੇ ਲੱਗੀਆਂ ਅੱਗਾਂ ਵਿਚ ਫ਼ਲੈਟਾਂ ‘ਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਪੁਲੀਸ ਖਣਪੱਟੀ ਲੈ ਕੇ ਸੁੱਤੀ ਰਹੀ।

ਲੰਡਨ ਦਾ ਮੇਅਰ ਬੋਰਿਸ ਜੌਹਨਸਨ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਛੁੱਟੀਆਂ ‘ਤੇ ਗਏ ਹੋਏ ਸਨ। ਜਦੋਂ ਅਰਬਾਂ ਪੌਂਡਾਂ ਦਾ ਨੁਕਸਾਨ ਹੋ ਗਿਆ ਤਾਂ ਉਹਨਾਂ ਨੂੰ ਸੁਰਤ ਜਿਹੀ ਆਈ ਕਿ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਗੱਦੀ ‘ਤੇ ਬਿਠਾਇਆ ਹੈ, ਉਹ ਤਿੰਨ ਦਿਨਾਂ ਤੋਂ ਸੰਕਟ ਵਿਚ ਹਨ ਅਤੇ ਹੁਣ ਵਾਪਸ ਪਰਤਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਾਪਸ ਆ ਕੇ ਐਲਾਨ ਕਰ ਦਿੱਤਾ ਕਿ ਅਸੀਂ ਬਾਹਰਲੇ ਇਲਾਕਿਆਂ ‘ਚੋਂ ਫ਼ੋਰਸ ਮੰਗਵਾ ਰਹੇ ਹਾਂ ਅਤੇ ਅੱਜ ਰਾਤ 16000 ਪੁਲੀਸ ਅਧਿਕਾਰੀ ਲੰਡਨ ਦੀ ਰਾਖੀ ਕਰਨਗੇ। ਜਦੋਂ ਲੰਡਨ ਦੇ ਮੇਅਰ ਨੇ ਆ ਕੇ ‘ਸੰਗਤ ਦਰਸ਼ਣ’ ਕੀਤੇ ਤਾਂ ਉਸ ਨੇ ਘੜੀ-ਘੜ੍ਹਾਈ ਗੱਲ ਲੋਕਾਂ ਦੇ ਮੱਥੇ ਮਾਰੀ ਕਿ ਜਿਹਨਾਂ ਨੇ ਇਹ ਅਪਰਾਧ ਕੀਤਾ ਹੈ, ਉਹਨਾਂ ਨੂੰ ਸਜ਼ਾ ਭੁਗਤਣੀ ਪਵੇਗੀ। ਲੋਕ ਪੁੱਛ ਰਹੇ ਸਨ ਕਿ ਹੁਣ ਅੱਗੇ ਤੁਹਾਡੀ ਕੀ ਗਤੀਵਿਧੀ ਹੋਵੇਗੀ? ਤਾਂ ਬੋਰਿਸ ਜੌਹਨਸਨ ਨੇ ਉੱਤਰ ਦਿੱਤਾ ਕਿ ਬਾਹਰੋਂ ਫ਼ੋਰਸ ਆ ਰਹੀ ਹੈ। ..ਤੇ ਜਦ ਲੁੱਟੇ-ਪੁੱਟੇ ਅਤੇ ਤਬਾਹ ਹੋਏ ਪ੍ਰੇਸ਼ਾਨ ਲੋਕਾਂ ਨੇ ਬੋਰਿਸ ਜੌਹਨਸਨ ਨੂੰ ਪੁੱਛਿਆ ਕਿ ਫ਼ੋਰਸ ਅੱਜ ਹੀ ਕਿਉਂ ਆ ਰਹੀ ਹੈ, ਪਿਛਲੇ ਤਿੰਨ ਦਿਨਾਂ ਤੋਂ ਕਿਉਂ ਨਹੀਂ ਬੁਲਾਈ ਗਈ? ਇਤਨੀ ਦੇਰੀ ਕਿਉਂ?? ਕੁਝ ਦੁਖੀ ਅਤੇ ਭੜਕੇ ਲੋਕਾਂ ਨੇ ਮੇਅਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਤਾਂ ਉਹ ਬਗੈਰ ਉੱਤਰ ਦਿੱਤੇ ਹੀ ਬੋਦੀਆਂ ਪਲ਼ੋਸਦਾ ਵਾਪਸ ਪਰਤ ਗਿਆ।

ਇਰਾਕ ਅਤੇ ਅਫ਼ਗਾਨਿਸਤਾਨ ਜੰਗ ਵੇਲ਼ੇ ਇੰਗਲੈਂਡ ਨੇ ਅਮਰੀਕਾ ਦਾ ਡਟ ਕੇ ਸਾਥ ਦਿੱਤਾ ਅਤੇ ਸਿੱਟੇ ਵਜੋਂ ਇੰਗਲੈਂਡ ਆਰਥਿਕ ਮੰਦਹਾਲੀ ਦੀ ਮਾਰ ਹੇਠ ਆ ਗਿਆ। ਖਾਣ-ਪੀਣ ਦੀਆਂ ਵਸਤੂਆਂ ਅਤੇ ਪੈਟਰੋਲ ਦੇ ਭਾਅ ਅਸਮਾਨ ਚੜ੍ਹ ਗਏ। ਛੋਟੇ ਬਿਜ਼ਨਿਸ ਬੰਦ ਹੋ ਗਏ ਅਤੇ ਵੱਡੀਆਂ ਕੰਪਨੀਆਂ ਨੇ ‘ਦਿਵਾਲ਼ਾ’ ਨਿਕਲਿ਼ਆ ਦਿਖਾ ਦਿੱਤਾ। ਦੁਨੀਆਂ, ਖ਼ਾਸ ਤੌਰ ‘ਤੇ ਨੌਜਵਾਨ ਤਬਕਾ ਬੇਰੁਜ਼ਗਾਰ ਹੋ ਕੇ ਮੱਖੀਆਂ ਮਾਰਨ ਲੱਗ ਪਿਆ। ਟੈਕਸ ਝੱਗੇ-ਲਾਹੂ ਹੋ ਗਏ ਅਤੇ ਤਨਖ਼ਾਹਾਂ ਦੀ ਦਰ ਉਸੇ ਜਗਾਹ ‘ਤੇ ਹੀ ਖੜ੍ਹੀ ਰਹੀ। ਟੋਟਨਹੈਮ ਵਿਚ ਮਾਰਕ ਡੱਗਨ ਦਾ ਪੁਲੀਸ ਹੱਥੋਂ ਮਾਰਿਆ ਜਾਣਾਂ ਤਾਂ ਇੱਕ ਬਹਾਨਾ ਸੀ, ਅਸਲ ਵਿਚ ਗੌਰਮਿੰਟ ਦੀਆਂ ਗਲਤ ਨੀਤੀਆਂ ਤੋਂ ਭਰੇ-ਪੀਤੇ ਨਿਰਾਸ਼ ਲੋਕ, ਨਿੱਕੀਆਂ ਮੋਟੀਆਂ ਚੋਰੀਆਂ ਕਰਨ ਵਾਲ਼ੇ ਜਾਂ ਔਰਤਾਂ ਦੇ ਕੰਨਾਂ ਵਿਚੋਂ ਵਾਲ਼ੀਆਂ ਜਾਂ ਗਲ਼ਾਂ ਵਿਚੋਂ ਚੈਨੀਆਂ ਖਿੱਚਣ ਵਾਲ਼ੇ ਸ਼ਰੇਆਮ ਸੜਕਾਂ ‘ਤੇ ਆ ਗਏ ਅਤੇ ਉਹਨਾਂ ਨੇ ਭੰਨ-ਤੋੜ ਕਰ ਕੇ ਵੱਡੀਆਂ-ਵੱਡੀਆਂ ਦੁਕਾਨਾਂ ਵਿਚ ‘ਹੂੰਝਾ’ ਫ਼ੇਰਨਾ ਸ਼ੁਰੂ ਕਰ ਦਿੱਤਾ। ਵਿਹਲੀ ਬੈਠੀ ਜਨਤਾ ਦਾ ਗੁੱਸਾ ਇੱਕ ਦਮ ਭੜਕਿਆ ਅਤੇ ਉਹਨਾਂ ਨੇ ਅੰਨ੍ਹੇਵਾਹ ਅੱਗ ਮਚਾ ਦਿੱਤੀ। ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਮੀਡੀਆ ਦੇ ਕੈਮਰਿਆਂ ਅੱਗੇ ਖੜ੍ਹ ਕੇ ਦਮਗੱਜੇ ਮਾਰ ਰਿਹਾ ਹੈ ਕਿ ਜਿੰਨ੍ਹਾਂ ਨੇ ਇਹ ਸਾੜ-ਫ਼ੂਕ ਅਤੇ ਲੁੱਟ-ਮਾਰ ਕੀਤੀ ਹੈ, ਉਹਨਾਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਅਪਰਾਧ ਕਰਨ ਵਾਲ਼ੇ ਤਾਂ ਜਦੋਂ ਨਤੀਜੇ ਭੁਗਤਣਗੇ, ਓਦੋਂ ਹੀ ਭੁਗਤਣਗੇ। ਪਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਦੁਕਾਨਦਾਰਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਇੰਗਲੈਂਡ ਦੇ ਕਾਨੂੰਨ ਅਨੁਸਾਰ ਜੇ ਕਿਸੇ ਦੀ ਸੰਪਤੀ ਦੰਗਿਆਂ ਵਿਚ ਸਾੜੀ ਜਾਂਦੀ ਹੈ, ਜਾਂ ਲੁੱਟੀ ਜਾਂਦੀ ਹੈ ਤਾਂ ਕੋਈ ਵੀ ਬੀਮਾਂ ਕੰਪਨੀ ਉਸ ਦਾ ਮੁਆਵਜ਼ਾ ਨਹੀਂ ਦਿੰਦੀ। ਸਾਰੀ ਜਿ਼ੰਦਗੀ ਦੀ ਪੂੰਜੀ ਆਪਣੇ ਕਾਰੋਬਾਰਾਂ ‘ਤੇ ਨਿਵੇਸ਼ ਕਰਨ ਵਾਲ਼ੇ ਦੁਕਾਨਦਾਰ ਹੁਣ ਪ੍ਰਸ਼ਾਸਨ ਦੀ ਜਾਨ ਨੂੰ ਰੋ ਰਹੇ ਹਨ ਅਤੇ ਪ੍ਰਸ਼ਾਸਨ ਉਹਨਾਂ ਦੀ ਤਕਲੀਫ਼ ਸਮਝਣ ਦੀ ਥਾਂ ਬੇਸ਼ਰਮਾਂ ਵਾਂਗ ਇੱਕ ਹੀ ਤੋਤਾ ਰਟ ਲਾਈ ਜਾ ਰਿਹਾ ਹੈ, “ਅਪਰਾਧੀਆਂ ਨੂੰ ਸਿੱਟੇ ਭੁਗਤਣੇ ਪੈਣਗੇ!” ਤੇ ਜਿਹੜੇ ਨਿਰਦੋਸ਼ ਅਤੇ ਆਮ ਲੋਕ ਨਤੀਜੇ ਭੁਗਤ ਚੁੱਕੇ ਹਨ, ਉਹ ਕਿਹੜੇ ਖ਼ੂਹ ਵਿਚ ਜਾਣ? ਇਸ ਬਾਰੇ ਗੌਰਮਿੰਟ ਨੂੰ ਸੋਚਣ ਦੀ ਲੋੜ ਹੈ! ਪੀੜਤ ਲੋਕਾਂ ਨੂੰ ਸਹਾਰੇ ਦੀ ਕੋਈ ਕਿਰਨ ਦਿਖਾਓ, ਅਪਰਾਧੀਆਂ ਨੂੰ ਫ਼ੋਕੀਆਂ ਧਮਕੀਆਂ ਦੇ ਕੇ ਪੀੜਤ ਲੋਕਾਂ ਦਾ ਕੁਝ ਨਹੀਂ ਸੁਧਰਨਾ!! ਉਹਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਕੋਈ ਹੱਲ ਸੋਚੋ! ਲਿਬੀਆ, ਇਰਾਕ ਅਤੇ ਅਫ਼ਗਾਨਿਸਤਾਨ ਵਿਚ ‘ਸ਼ਾਂਤੀ-ਸ਼ਾਂਤੀ’ ਕੂਕਣ ਵਾਲਿ਼ਓ! ਕੀ ਤੁਹਾਡੇ ਕੋਲ਼ ਆਪਣੇ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਦਾ ਕੋਈ ਹੱਲ ਨਹੀਂ?? ਧੁਖ਼ ਰਿਹਾ ਲੰਡਨ ਸਬੂਤ ਬਣ ਤੁਹਾਡੇ ਸਾਹਮਣੇ ਖੜ੍ਹਾ ਹੈ!

ਸ਼ਿਵਚਰਨ ਜੱਗੀ ਕੁੱਸਾ email: jaggikussa65@gmail.com  
*******************************************************

ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ...!!
ਨਾਕਸ ਪ੍ਰਬੰਧਾਂ 'ਚ ਰੁਲਦਾ, ਮਿੱਤਰੋ ਆਪਣਾ "ਦੇਸ਼"

ਰਵੀ ਸਚਦੇਵਾ
ਦੋਸਤੋ…! ਲੇਖ ਦਾ ਸਿਰਲੇਖ ਪੜ੍ਹਕੇ ਦਿਲ ਨੂੰ ਮਿਲਦੀ ਹੈ ਨਾ ਠੰਡਕ। ਪਰ ਅਸਲ ਵਿੱਚ ਸ਼ਾਤੀ 'ਤੇ ਪਿਆਰ, ਕੱਟੜਪੂਣੇ ਦੀ ਭੇਟ ਚੜ੍ਹ ਚੁੱਕਾ ਹੈ। ਤੇ ਬਚੀ ਉਨੱਤੀ, ਉਹ ਇੱਕ ਬੁਝਾਰਤ ਬਣ ਕੇ ਰਹੇ ਗਈ ਹੈ। ਸਭ ਸਾਧਨ 'ਤੇ ਦਿਮਾਗ ਹੁੰਦੇ ਹੋਏ ਵੀ ਅਸੀ ਪੂਰੀ ਤਰ੍ਹਾਂ ਵਿਦੇਸ਼ਾਂ ਤੇ ਮੁਹਤਾਜ ਬਣ ਚੁੱਕੇ ਹਾਂ। ਅਸਲ ਵਿੱਚ ਅਸੀ ਆਪਣੇ ਦੇਸ਼ ਦੀ ਨਿਹਾਰ ਬਦਲਣਾ ਹੀ ਨਹੀ ਚਾਹੁੰਦੇ। ਜਿੰਨਾ ਹੈ, ਜਿਸ ਤਰ੍ਹਾਂ ਦਾ ਹੈ,ਇਸ ਵਿੱਚ ਹੀ ਸੰਤੁਸ਼ਟ ਹਾਂ। ਕਿੰਨੀ ਸ਼ਰਮ ਦੀ ਗੱਲ ਹੈ। ਪਤਾ ਨਹੀਂ ਕਿਉਂ ਬਾਹਰਲੇ ਮੁਲਕਾਂ ਵੱਲ ਵੇਖ ਕੇ ਸਾਨੂੰ ਭੋਰਾ ਰੀਸ ਨਹੀਂ ਆਉਂਦੀ । ਇਸ ਧਰਤੀ 'ਤੇ ਹਰ ਜੀਵ ਨੇ ਜੀਣਾ ਸਿੱਖਿਆਂ ਹੈ। ਆਪਣੀ ਇੱਕ ਵੱਖਰੀ ਹੋਂਦ ਕਾਇਮ ਕੀਤੀ ਏ। ਪਰ ਸਿਰਫ ਮਨੁੱਖ ਜੂਨੀ ਹੀ ਪੂਰਨ,ਸਰਵਸ਼੍ਰੇਸਟ,ਸ਼ਕਤੀਮਾਨ,'ਤੇ ਬੁੱਧੀਮਾਨ ਹੈ। ਜਾਂ ਇੰਜ ਕਹਿ ਲਵੋ ਕੀ ਦੂਜੇ ਜੀਵਾਂ ਦੇ ਮੁਕਾਬਲੇ ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ। ਜਿਸ ਕੋਲ ਮਾਇਡ ਬਲੋਈਗ ਦਿਮਾਗ ਹੈ। ਸੋਚਨ ਸਮਝਣ ਦੀ ਜ਼ਬਰਦਸਤ ਸ਼ਕਤੀ ਹੈ। ਇੱਕ ਸਮਾਂ ਸੀ ਜਦ ਮਨੁੱਖ ਆਪਣੇ ਅਨੁਸਾਰ,ਆਪਣਾ
ਆਲਾ-ਦੁਆਲਾ ਬਦਲ ਲੈਂਦਾ ਸੀ। ਪਰ ਪਤਾ ਨਹੀਂ ਕਿਉ..?ਹੁਣ ਅਜਿਹਾ ਨਹੀਂ। ਅਜੋਕਾ ਸਮਾਂ ਬਿੱਲਕੁਲ ਉਲੱਟ ਹੁੰਦਾ ਜਾ ਰਿਹਾ ਹੈ। ਹੁਣ ਮਨੁੱਖ ਆਲੇ-ਦੁਆਲੇ ਅਨੁਸਾਰ,ਆਪਣੇ ਆਪ ਨੂੰ ਢਾਲ ਰਿਹਾ ਹੈ। ਇਹ ਕਿੱਥੋਂ ਤੱਕ ਸਹੀ ਹੈ। ਇਸਦਾ ਫੈਂਸਲਾ ਕੌਣ ਕਰੁ…? ਸਾਡੇ ਦੇਸ਼ ਦੀ ਅਵਾਮ ਜਾਂ ਫਿਰ ਸਾਡੇ ਸੁੱਤੇ ਹੋਏ ਆਗੂ। ਸੋਚਣ ਵਾਲੀ ਗੱਲ ਇਹ ਹੈ ਕੀ ਜੀਂਦੇ ਤਾਂ ਪਸ਼ੂ-ਪਰਿੰਦੇ ਵੀ ਨੇ। ਫਿਰ ਮਨੁੱਖ 'ਤੇ ਜਾਨਵਰਾ 'ਚ ਫਰਕ ਕੀ…?ਆਦਮੀ ਨਿੱਜੀ ਸਵਾਰਥ,ਘਰ ਪਰਿਵਾਰ ਲਈ ਸਾਰੀ ਉਮਰ ਸੰਘਰਸ਼ ਕਰਦਾ ਰਹਿੰਦੈਂ। ਬਾਲ ਪਰਿਵਾਰ,ਘਰ ਜ਼ਮੀਨ,ਵੱਧਦਾ ਪੈਂਸਾ ਕਿਸਨੂੰ ਚੰਗਾ ਨਹੀਂ ਲੱਗਦਾ। ਪਰ ਇਸ ਚੱਕਰਵਿਉ 'ਚੋ ਬਾਹਰ ਨਿੱਕਲ ਕੇ ਸਾਨੂੰ ਆਪਸ ਵਿੱਚ ਜੋੜਨ ਵਾਲੀ,ਇੱਕ ਦਾਇਰੇ 'ਚ ਬੰਨਣ ਵਾਲੀ ਮਾਤ ਭੂਮੀ ਲਈ ਸੋਚਣ ਸਮਝਣ ਦੀ ਵਿਹਲ ਕੱਦ ਮਿਲੇਗੀ। ਆਪਣੇ ਦੇਸ਼,ਸ਼ਹਿਰ,ਪਿੰਡ ਦੀ ਲਗਾਤਾਰ ਵੱਧ ਰਹੀ ਮੰਦਾਹਾਲ ਦੁਰਗਤੀ ਦਾ ਜਾਇਜਾ ਅਸੀ ਕੱਦ ਲਵਾਗੇ। ਸਮਾਂ ਤਾਂ ਹਰ ਚੀਜ ਲਈ ਕੱਢਣਾ ਹੀ ਪੈਦੇਂ। ਅਸੀ ਹੁਣ ਕਿੰਨਾ ਹੇਠਾਂ ਡਿੱਗ ਚੁੱਕੇ ਹਾਂ। ਕਿੱਥੇ ਗਿਆ ਉਹ ਭਾਈਚਾਰਾ। ਦੂਜੀਆਂ ਲਈ 'ਤੇ ਆਪਣੀ ਜਨਮ ਭੂਮੀ ਲਈ ਮਿਲਕੇ ਕੁਝ ਕਰਣ ਦਾ ਜਨੂੰਨ। ਅਸੀ ਆਪਣੇ ਦੇਸ਼ ਨੂੰ ਕੁਦਰਤ ਦੇ ਹਵਾਲੇ ਕਰਕੇ ਖੁਦ ਨਰਕ ਦੀ ਜਿੰਦਗੀ ਕਿਉ ਜੀ ਰਹੇ ਹਾ। ਆਸਟੇਲਿਆ ਜਿਹੇ ਵਿਕਸਤ ਦੇਸ਼ਾਂ 'ਚ ਲੋਕ ਆਪਣੇ ਨਾਲੋ ਹਜ਼ਾਰਾ ਗੁਣਾ ਵਧੀਆ ਜਿੰਦਗੀ ਗੁਜਰ-ਬਸਰ ਕਰ ਰਹੇ ਨੇ। ਕਿੰਨੀ ਸ਼ਰਮ ਦੀ ਗੱਲ ਹੈ। ਸੋਚਣ-ਸਮਝਣ ਦੀ ਸਮੱਰਥਾ ਸਾਰੀਆਂ ਦੀ ਇੱਕ ਬਰਾਬਰ ਹੈ। ਫਿਰ ਇੰਨ੍ਹੀ ਭਿੰਨਤਾ ਕਿਉ..?ਕਾਰਨ ਸਿਰਫ ਇਹ ਨਹੀਂ ਕੀ ਦੇਸ਼ ਆਰਥਿਕ ਤੰਗੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਆਪਣਾ ਮੁਲਕ ਵੀ ਕਿਸੇ ਨਾਲੋ ਘੱਟ ਨਹੀ। ਆਤਮਨਿਰਭਰ ਹੈ। ਬਸ ਫਰਕ ਇਨ੍ਹਾਂ ਹੈ ਕੀ ਵਿਦੇਸ਼ੀ ਲੋਕਾਂ ਵਿੱਚ ਏਕਤਾ ਹੈ। ਇਮਾਨਦਾਰੀ ਹੈ। ਇਹ ਲੋਕ ਨਿਯਮ ਦੇ ਪੱਕੇ ਹਨ। ਆਪਣੇ ਫਰਜ ਤੇ ਜਿੰਮੇਦਾਰੀ ਨੂੰ ਚੰਗੀ ਤਰ੍ਹਾ ਸਮਝਦੇ ਨੇ। ਇੱਥੋ ਦੇ ਬੱਚੇ-ਬੱਚੇ ਨੂੰ ਪਤਾਂ ਹੈ ਕੀ ਕੇਡੀ,ਚਾਕਲੇਟ ਦੇ ਪੰਨੇ ਹੇਠਾਂ ਨਹੀਂ ਬਲਕੀ ਬੀਨ ਵਿੱਚ ਸੁੱਟਣੇ ਨੇ। ਕਿਸੇ ਨਸ਼ੇੜੀ ਵੱਲੋਂ ਸਿੱਟੀ ਬੀਅਰ ਦੀ ਬੋਤਲ ਜਾਂ ਸਿਗਰੇਟ ਨੂੰ ਰਾਹ ਜਾਦਾ ਮੁਸਾਫੀਰ ਚੁੱਕ ਕੇ ਬੀਨ 'ਚ ਸੁੱਟ ਦਿੰਦਾ ਹੈ। ਜਨਤਕ ਥਾਵਾ ਤੇ ਜਾਂ ਫਿਰ ਸਟੇਸ਼ਨਾ ਤੇ ਕੋਈ ਕਸਟਮਰ ਸੇਵਾ ਵਾਲਾ ਮੁਲਾਜ਼ਮ ਮਿਲੇ ਨਾ ਮਿਲੇ ਪਰ ਸਫਾਈ ਕਾਮੇ ਜ਼ਰੂਰ ਮਿਲ ਜਾਣਗੇ। ਜਨਤਕ ਵਾਹਨਾ 'ਚ ਚੜ੍ਹਨ ਸਮੇਂ ਪਹਿਲਾ ਆਇਆਂ ਸਵਾਰੀਆਂ ਨੂੰ ਉਤਰਨ ਦੀ ਥਾਂ ਦੇਣੀ ਹੈ।'ਤੇ ਫਿਰ ਬਜੁਰਗਾਂ ਤੇ ਔਰਤਾਂ ਨੂੰ ਬੈਠਣ ਦੀ ਪਹਿਲ ਦੇਣੀ ਹੈ। ਖੁਦ ਨੂੰ ਭਾਂਵੇਂ ਖੜ੍ਹਕੇ ਕਿਉਂ ਨਾ ਸਫਰ ਕਰਨਾ ਪਵੇ। ਆਪਣਾ ਦੇਸ਼ ਇਸਦੇ ਉਲਟ ਕੰਮਚੋਰ,ਜਮ੍ਹਾਖੋਰ,ਰਿਸ਼ਵਤ ਖੋਰ'ਤੇ ਭ੍ਰਿਸ਼ਟ ਲੋਕਾ ਨਾਲ ਭਰੀਆ ਪਿਆ ਹੈ। ਫਿਰ ਇਨ੍ਹਾਂ ਤੋਂ ਆਪਸੀ ਪਿਆਰ ਦੀ ਆਸ ਕਿੱਦਾ ਕੀਤੀ ਜਾਂ ਸਕਦੀ ਹੈ। ਹਰ ਕੋਈ ਕਹਿੰਦਾ ਹੈ ਕਿ ਭਾਰਤ ਇੱਕ ਗਰੀਬ ਮੁਲਕ ਹੈ। ਪਰ ਇੱਥੇ ਦੁਨੀਆਂ ਦੇ ਸਭ ਤੋਂ ਅਮੀਰ ਲੋਕ ਵੱਸਦੇ ਨੇ। ਕਾਫੀ ਬੇਨਤੀਆਂ ਤੋਂ ਬਾਅਦ ਸਵਿਸ ਬੈਂਕ ਐਸੋਮੀਏਸ਼ਨ ਨੇ 2010 ਦੇ ਅੰਕੜਿਆ ਅਨੁਸਾਰ, ਖੁਲਾਸਾ ਕੀਤਾ ਹੈ ਕਿ ਉਸ ਦੇ ਬੈਂਕਾ ਵਿੱਚ ਭਾਰਤ ਦਾ 65256 ਅਰਬ ਰੁਪਏ ਜਮ੍ਹਾਂ ਨੇ। ਇਸ ਅੰਕੜਿਆ ਅਨੁਸਾਰ ਕਾਲਾ ਧੰਨ ਜਮ੍ਹਾਂਖੋਰੀ ਦੇ ਕੰਮ ਵਿੱਚ ਭਾਰਤ ਨੇ ਬਾਝੀ ਮਾਰੀ ਹੈ। ਦੇਸ਼ ਦੇ ਤਮਾਮ ਭ੍ਰਿਸ਼ਟ ਨੇਤਾ,ਅਧਿਕਾਰੀ,ਉਦਯੋਗਪਤੀ,ਬਿਜਨਸਮੈਨ 'ਤੇ ਵਪਾਰੀ ਸੱਪ ਪੋੜੀ ਦੀ ਖੇਡ ਹਰ ਕੋਈ ਖੇਡਦੈਂ। ਜਿਹੜਾ ਤਰੱਕੀ ਦੀਆਂ ਪੋੜੀਆ ਕੁਝ ਜਿਆਦਾ ਚੜ੍ਹ ਜਾਦੈਂ ਉਹ ਵਿੱਤੀ ਕਾਨੂੰਨਾਂ ਤੋਂ ਬਚਣ ਲਈ ਸਵਿਟਜ਼ਰਲੈਂਡ ਜਾਂ ਸਵਿਸ ਬੈਂਕਾ 'ਚ ਖਾਤੇ ਖੋਲ ਲੈਦੇਂ। ਜਮ੍ਹਾਂਖੋਰ, ਕਾਲਾ ਬਾਜਾਰੀਏ 'ਤੇ ਹੋਰ ਗੈਰ ਕਾਨੂੰਨੀ ਕੰਮਾਂ ਵਿੱਚ ਲੱਗੇ ਲੋਕ, ਰਾਜਨੇਤਾਵਾਂ 'ਤੇ ਸਿਆਸੀ ਪਾਰਟੀਆਂ ਨੂੰ ਵੱਡੇ-ਵੱਡੇ ਫੰਡ ਦੇ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿੰਦੇ ਨੇ। ਜਿਸ ਕਾਰਨ ਸਰਕਾਰ ਚਲਾ ਰਹੀ ਕੋਈ ਵੀ ਪਾਰਟੀ ਇਨ੍ਹਾਂ ਲੋਕਾ ਦੇ ਹਿੱਤਾਂ ਦੇ ਵਿਰੁੱਧ ਖੜ੍ਹੀ ਨਹੀ ਹੁੰਦੀ। ਗੋਰਿਆ ਨੇ 250ਸਾਲ ਦੇ ਰਾਜ ਵਿੱਚ ਭਾਰਤ ਦਾ ਲੱਗਭਗ ਇੱਕ ਲੱਖ ਕਰੌੜ ਰੁਪਏਦਾ ਧੰਨ ਲੁੱਟਕੇ ਆਪਣੀਆਂ ਤਜੋਰੀਆਂ ਭਰੀਆ। ਪਰ ਸਾਡੇ ਭ੍ਰਿਸ਼ਟ ਰਾਜਸੀ ਆਗੂਆਂ ਨੇ ਤਾਂ ਹੱਦ ਹੀ ਕਰ ਦਿੱਤੀ,62 ਸਾਲਾ ਵਿੱਚ ਹੀ ਭਾਰਤ ਨੂੰ ਲਗਾਇਆ ਬਹਤਰ ਲੱਖ ਕਰੌੜ ਰੁਪਏ ਦਾ ਚੂਨਾ। ਇਹ ਸਾਰਾ ਧੰਨ ਸਾਡਾ ਹੈ। ਸਾਡੇ ਖੂਨ ਪਸੀਨੇ ਦੀ ਕਮਾਈ। ਇਹ ਧੰਨ ਉਨ੍ਹਾਂ ਮਜਦੂਰਾਂ ਦਾ ਹੈ ਜੋ ਦਿਨ ਵਿੱਚ ਅੱਠ ਤੋਂ ਜਿਆਦਾ ਘੰਟੇ ਕੰਮ ਕਰਦੇ ਨੇ,ਪਰ ਉਨ੍ਹਾਂ ਨੂੰ ਪੇਟ ਭਰਨ ਲਈ ਪੂਰੀ ਰੋਟੀ ਨਹੀ ਮਿਲਦੀ। ਜੇ ਇਹ ਕਾਲਾ ਧੰਨ ਵਾਪਸ ਆ ਜਾਵੇ ਤਾਂ ਭਾਰਤ ਕਿਸੇ ਮਜਬੂਤ ਦੇਸ਼ ਨਾਲੋ ਘੱਟ ਨਹੀਂ ਹੋਵੇਗਾ। ਵਿਦੇਸ਼ਾਂ ਵਾਗ ਹਰ ਸੁੱਖ-ਸੁਵਿਧਾ ਹੋਵੇਗੀ। ਕੰਮ ਦੀ ਕੀਮਤ ਪੂਰੀ ਮਿਲੇਗੀ। ਸਾਨੂੰ ਪੈਸੇ ਲਈ ਵਿਦੇਸ਼ਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ। ਦੇਸ਼ ਉਨੱਤੀ ਦੇ ਸਿਖਰ ਤੇ ਹੋਵੇਗਾ। ਪਰ ਅਫਸੋਸ ਭ੍ਰਿਸ਼ਟਾਚਾਰੀ ਦੀ ਸਿਉਕ ਰੂਪੀ ਕੀੜਾ ਦੇਸ਼ ਨੂੰ ਚਲਾਉਣ ਵਾਲੇ ਮੁੱਢਾਂ (ਲੀਡਰਾਂ) ਨੂੰ ਪੂਰੀ ਤਰ੍ਹਾਂ ਲੱਗ ਚੁੱਕਾ ਹੈ। ਜੇ ਸਾਡੇ ਦੇਸ਼ ਦੀ ਜਨਤਾ ਇੰਝ ਹੀ ਸੁੱਤੀ ਰਹੀ ਤਾਂ ਬਹੁਤ ਛੇਤੀ ਇਹ ਕੀੜਾ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ। ਕੱਲੇ ਛਿਲੜ ਹੀ ਲੋਕਾਂ ਦੇ ਪੱਲੇ ਰਹਿੰਣਗੇ। ਛੋਟੀ ਕੁਰਸੀ ਤੇ ਬੈਠਾ ਹੋਵੇ ਜਾਂ ਵੱਡੀ ਤੇ। ਹਰ ਅਫਸਰ ਜਾਂ ਲੀਡਰ ਪਹਿਲਾਂ ਆਪਣੀ ਜੇਬ ਗਰਮ ਕਰਦੇ ਨੇ 'ਤੇ ਫਿਰ ਮਿੱਥੇ ਕੰਮ ਨੂੰ ਅੱਗੇ ਤੋਰਦੇ ਨੇ। ਬੱਚੀ ਰਕਮ ਦਾ ਇੱਕ ਵੱਡਾ ਹਿੱਸਾ ਠੇਕੇਦਾਰ ਰਗੜ ਜਾਦੇਂ ਨੇ। ਇੰਝ ਸਮਝ ਲਵੋ ਕੀ ਇੱਕ ਰੁਪਏ ਦਾ ਪੰਚੀ ਪ੍ਰਤੀਸ਼ਤ ਹੀ ਜਨਤਾ ਦੀਆਂ ਭਲਾਈ ਸਕੀਮਾਂ 'ਤੇ ਲੱਗਦਾ ਹੈ। 'ਤੇ ਬਾਕੀ ਦਾ ਧਨ ਵੰਡੀਆਂ ਦੀ ਭੇਂਟ ਚੜ੍ਹ ਜਾਦਾ ਹੈ। ਜਿਹੜੇ ਦੇਸ਼ ਦੇ ਭ੍ਰਿਸ਼ਟ ਆਗੂ ਵੱਡੀਆਂ-ਵੱਡੀਆਂ ਇਮਾਰਤਾ,ਪੁਲ,ਸੜਕਾ ਹਜ਼ਮ ਕਰ ਜਾਦੇ ਨੇ। ਉਨ੍ਹਾਂ ਤੋਂ ਦੇਸ਼ ਦੀ ਅੰਦਰੂਨੀ ਸਾਫ-ਸਫਾਈ ਦਾ ਭਰੋਸਾ ਕਿੱਦਾ ਕੀਤਾ ਜਾਂ ਸਕਦਾ ਹੈ। ਸਫਾਈ ਕਾਮੀਆਂ ਦੀਆਂ ਤਨਖਾਵਾ ਨਾਲ ਸਰਕਾਰੀ ਬੱਜਟ ਜੋ ਹਿਲ ਜਾਦਾ ਹੈ 'ਤੇ ਨਾਲ ਹੀ ਸ਼ੁਰੂ ਹੋ ਜਾਦਾ ਹੈ ਆਰਥੀਕ ਤੰਗੀ ਦਾ ਡਰਾਮਾਂ। ਜਦ ਕਿਸੇ ਮੰਤਰੀ ਨੇ ਸ਼ਹਿਰ 'ਚ ਚਰਨ ਪਾਉਣਾ ਹੁੰਦੈਂ। ਕੁਝ ਸਮੇਂ ਲਈ ਸਾਡੇ ਆਗੂ ਜਾਗਦੇ ਨੇ ਨੀਦ ਤੋਂ। ਨਗਰ ਕੌਂਸਲ ਦੀਆਂ ਟਰਾਲੀਆ ਭਰੀਆ ਆਉਦੀਆ ਨੇ ਪਾਣੀ ਨਾਲ ਤੇ ਧੜਾ-ਧੜ ਸੜਕਾਂ ਧੋਤੀਆਂ ਜਾਦੀਆ ਨੇ। ਕੂੜਾ-ਕਬਾੜਾ ਚੁੱਕ ਕੇ ਸੜਕਾ ਤੇ ਤੁਰਣ ਲਈ ਰਸਤਾ ਬਣਾਇਆ ਜਾਦਾ ਹੈ। ਮੰਤਰੀ ਦੀ ਫੇਰੀ ਵਾਲੇ ਰਸਤੇ ਦੀਆ ਕੰਧਾ 'ਤੇ ਵੀ ਕੂਚਾ-ਕੂਚੀ ਕੀਤੀ ਜਾਦੀ ਹੈ। ਤੇ ਮੰਤਰੀ ਦੇ ਵਾਪਸ ਜਾਦੀਆਂ ਹੀ ਫਿਰ ਤੋਂ ਲੰਬੀ ਨੀਦ 'ਚ ਸੋ ਜਾਦੇ ਨੇ ਆਗੂ। ਤੇ ਸਾਡੇ ਦੇਸ਼ ਦੀ ਅਵਾਮ ਦੀਵਾਲੀ ਸਮੇਂ ਜਾਗਦੀ ਹੈ। ਦੀਵਾਲੀ ਦਾ ਸਵਾਗਤ ਕਰਣ ਲਈ ਹਰ ਕੋਈ ਆਪਣੇ ਘਰਾਂ,ਦੁਕਾਨਾਂ 'ਤੇ ਦਫਤਰਾਂ ਦੀ ਸਫਾਈ ਕਰਦੈਂ। ਪਰ ਸ਼ਫਾਈ ਆਪਣੀ ਮਲਕੀਅਤ ਤੱਕ ਹੀ ਸੀਮਿਤ ਰਹਿੰਦੀ ਹੈ। ਪਤਾਂ ਨਹੀਂ ਕਿਉਂ….?ਕਿਸੇ ਨੂੰ ਆਪਣੇ ਗਲੀ,ਮਹੁੱਲੇ ਪਿੰਡ ਜਾਂ ਸ਼ਹਿਰ ਦੀ ਯਾਦ ਨਹੀਂ ਆਉਂਦੀ। ਥਾਂ-ਥਾਂ ਤੇ ਖੱਡੇ 'ਤੇ ਗੰਦ ਦੇ ਪਏ ਢੇਰ ਹੀ ਢੇਰ ਨਜ਼ਰ ਨਹੀਂ ਆਉਂਦੇ। ਗੰਦੇ ਪਾਣੀ ਨਾਲ ਭਰੇ ਨਾਲੇ'ਤੇ ਛੱਪੜ ਨਜ਼ਰ ਨਹੀਂ ਆਉਂਦੇ। ਕੂੜੇ-ਕਬਾੜੇ ਦੀਆਂ ਲਗਾਤਾਰ ਵੱਧਦੀਆਂ-ਫੁਲਦੀਆਂ ਰੁੜੀਆ ਨਜ਼ਰ ਨਹੀਂ ਆਉਂਦੀਆਂ। ਰੇਲ ਸਟੈਂਸ਼ਨ, ਬੱਸ ਅੱਡਿਆ ਵਰਗੀਆਂ ਜਨਤਕ ਥਾਵਾਂ 'ਤੇ ਚਿੱਪਕੀ ਮਨ-ਮਨ ਪੱਕੀ ਧੂੜ ਮਿੱਟੀ ਪਤਾਂ ਨਹੀਂ ਕਿਉਂ ਸਾਡੀਆਂ ਅੱਖਾ 'ਚ ਰੜਕਦੀ ਹੀ ਨ੍ਹੀ। ਆਖਿਰ ਕਿਉਂ…? ਬਜ਼ਾਰ ਸ਼ਹਿਰ ਦਾ ਦਿਲ ਹੁੰਦਾ ਹੈ। ਪਰ ਉੱਥੇ ਵੀ ਚਾਰੇ ਪਾਸੇ ਗੰਦ ਹੀ ਗੰਦ। ਸਵੇਰੇ ਦੁਕਾਨਾ, ਦਫਤਰ ਖੋਲਣ ਤੋਂ ਬਾਅਦ ਅਸੀ ਝਾੜੂ-ਪੋਚਾ ਕਰਦੇ ਹਾ। ਪਰ ਆਪਣੇ ਦਾਇਰੇ ਅੰਦਰ, ਬਾਹਰ ਸੜਕ ਤੇ ਜੇ ਝਾੜੂ ਮਾਰਨਾ ਪੈ ਜਾਵੇ ਤਾਂ ਬਸ ਆਪਣੀ ਦੁਕਾਨ ਜਾਂ ਦਫਤਰ ਦੇ ਥੜੇ ਤੱਕ। ਇੱਕਠਾ ਹੋਈਆਂ ਕੂੜਾ-ਕਰਕਟ ਬੀਨ ਵਿੱਚ ਨਹੀਂ ਬਲਕਿ ਗਵਾਂਢੀਆ ਦੀ ਪ੍ਰਾਪਰਟੀ ਦੇ ਕੋਨੇ ਤੇ ਰੱਖ ਦੇਣਾ ਹੈ। ਜੇ ਕੋਈ ਸਫਾਈ ਕਾਮਾ ਚੱਕ ਕੇ ਲੈ ਗਿਆ ਤਾਂ ਠੀਕ ਹੈ ਜੇ ਨਾ ਵੀ ਲੈ ਗਿਆ ਤਾਂ ਆਪਾ ਨੂੰ ਕੀ…?ਆਪੇ ਅੱਗਲੇ ਦਿਨ ਚੁੱਕ ਕੇ ਲੈ ਜਾਵੇਗਾ। ਅੱਗਲੇ ਦਿਨ ਗੁਆਂਢੀ ਪਹਿਲਾਂ ਆ ਕੇ ਇੰਝ ਹੀ ਕਰਦੈਂ। ਇਸ ਤਰ੍ਹਾਂ ਹਰ ਰੋਜ ਦੀ ਜੰਗ ਲੱਗ ਜਾਦੀ ਹੈ। ਕਈ ਬਾਹਲੇ ਹੀ ਸਿਆਣੇ ਮੇਰੇ ਵੀਰ ਗੰਦ ਨੂੰ ਧੱਕ-ਧੱਕ ਕੇ ਰੋੜ ਦੇ ਵਿੱਚਕਾਰ ਇੱਕਠਾ ਕਰ ਦਿੰਦੇ ਨੇ। ਤਾਂ ਜੋ ਆਉਦੇ ਜਾਦੇ ਤੇ ਪਾਊਡਰ ਲੱਗਦਾ ਰਹੇ। ਰਹਿੰਦੀ ਕਸਰ ਨਗਰ ਕੌਂਸਲ ਦੇ ਸਫਾਈ ਕਾਮੇ ਪੂਰੀ ਕਰ ਦਿੰਦੇ ਨੇ ਜੋ ਕਈ-ਕਈ ਦਿਨ ਸਿਵਰੇਜ ਦਾ ਕੱਡੀਆ ਮਲਵਾ ਚੁੱਕਣ ਹੀ ਨਹੀਂ ਆਉਂਦੇ। ਲੋਕ ਜੇ ਏਕਾ ਕਰ ਲੈਣ ਤਾਂ ਆਪਣੇ ਗਲੀ, ਮਹੁੱਲੇ ਪਿੰਡ, ਸ਼ਹਿਰ ਦੀ ਸਾਫ-ਸਫਾਈ ਖੁਦ ਚੰਗੀ ਤਰ੍ਹਾਂ ਰੱਖ ਸਕਦੇ ਹਨ ਜਾਂ ਕਰਵਾ ਸਕਦੇ ਨੇ। ਬਸ ਲੋੜ ਹੈ ਥੋੜੀ ਮਿਹਨਤ 'ਤੇ ਸਮਝਦਾਰੀ ਦੀ। ਇਸ ਗੱਲ ਦੀ ਖੁਸ਼ੀ ਹੈ ਕੀ ਆਪਣੇ ਦੇਸ਼ ਵਿੱਚ ਬਹੁਤ ਸਾਰੇ ਧਾਰਮਿਕ ਮੱਤ ਦੇ ਲੋਕ ਆਪਣੀ ਨੇਕ ਕਮਾਈ 'ਚੋਂ ਦਸਵਾਂ ਹਿੱਸਾ ਦੀਨ-ਦੁਖੀਆਂ,ਅਸਹਾਏ ਲੋੜਵੰਦਾ,ਮਜ਼ਲੂਮਾ 'ਤੇ ਮਜਬੂਰਾਂ ਦੀ ਮੱਦਦ ਲਈ ਕੱਢ ਰਹੇ ਨੇ। ਬਹੁਤ ਚੰਗੀ ਗੱਲ ਹੈ। ਪਰ ਅਜੋਕੇ ਸਮੇਂ 'ਚ ਲੋੜ ਹੈ ਇੱਕ ਰੁਪਈਆ ਰੋਜ ਦਾ ਹੋਰ ਕੱਢਣ ਦੀ। ਮਹੀਨੇ ਦੇ ਤੀਹ ਹਰ ਘਰ ਅਸਾਨੀ ਨਾਲ ਕੱਡਕੇ,ਸਫਾਈ ਕਾਮੇ ਨੂੰ ਸੇਵਾ ਦਾ ਮੁੱਲ ਦੇ ਸਕਦੈਂ। ਇਸ ਨਾਲ ਸਾਡਾ ਖਜ਼ਾਨਾ ਖਾਲੀ ਨਹੀਂ ਹੋਣ ਲੱਗਾ। ਸੰਗੋ ਸ਼ਹਿਰ ਪਿੰਡ ਦੀਆਂ ਗਲੀਆਂ ਨਾਲੇ ਸਾਫ-ਸੁਥਰੇ ਹੋਣ ਨਾਲ ਬੀਮਾਰੀਆਂ ਮੱਛਰਾਂ ਤੋਂ ਛੁੱਟਕਾਰਾ ਮਿਲੇਗਾ। ਜੇ ਹੁਣ ਵੀ ਨੀਂਦ ਤੋਂ ਨਾ ਜਾਗਾਗੇ ਤਾਂ ਕੱਦ ਵੀਰੋ ਸਾਡਾ ਸਵੇਰਾ ਹੋਵੇਗਾ। ਕਿਤੇ ਇੰਝ ਨਾ ਹੋਵੇ ਮੇਰੇ ਵੀਰੋ ਜਦ ਅੱਖਾ ਖੁੱਲਣ ਤਾਂ ਸਾਡਾ ਭਵਿੱਖ ਪ੍ਰਦੂਸ਼ਨ 'ਤੇ ਗੰਦਗੀ ਦੇ ਢੇਰ ਹੇਠਾ ਦੱਬ ਚੁੱਕਾ ਹੋਵੇ। ਕਿਤੇ ਸਾਹ ਲੈਣਾ ਵੀ ਦੁਬਰ ਨਾ ਹੋ ਜਾਵੇ। ਅਜੋਕੇ ਸਮੇਂ ਦੀ ਮੰਗ ਹੈ,ਮਿਲਕੇ ਦੇਸ਼ ਲਈ ਕੁਝ ਕਰਿਏ। ਏਕਾ ਕਰਕੇ ਸਰਕਾਰ 'ਤੇ ਦਬਾਵ ਪਾਇਏ । ਤਾਂ ਜੋ ਜਮ੍ਹਾਂਖੋਰਾ ਨੂੰ ਸ਼ਜਾ ਮਿਲ ਸਕੇ। ਤਾਂ ਜੋ ਦੇਸ਼ ਦਾ ਪੈਸਾ ਦੇਸ਼ ਦੀ ਉੱਨਤੀ ਤੇ ਹੀ ਖਰਚ ਹੋਵੇ। ਆਉ ਵੀਰੋ… ਸ਼ਰਮ ਕਿਸ ਗੱਲ ਦੀ, ਮਿਲਕੇ ਅਸੀ ਆਪਣੇ ਪਿੰਡ, ਸ਼ਹਿਰ ਦੀਆਂ ਸੜਕਾਂ 'ਤੇ ਉਤਰ ਆਈਏ 'ਤੇ ਮਿਲਕੇ ਇੱਕ ਨਵਾਂ ਇਤਿਹਾਸ ਰਚੀਏ। ਜੈ ਹਿੰਦ………!!
ਰਵੀ ਸਚਦੇਵਾ , ਮੇਲਬੋਰਨ ਆਸਟ੍ਰੇਲੀਆ 0061- 449965340